Sikh Nation
11/25/2025
1. ਚੌਪਈ
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥
ਸੀਸੁ ਦੀਆ ਪਰ ਸੀ ਨ ਉਚਰੀ ॥੧੩॥
ਧਰਮ ਹੇਤਿ ਸਾਕਾ ਜਿਨਿ ਕੀਆ ॥
ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥
ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥
ਦੋਹਰਾ
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ॥੧੬॥
(ਬਚਿਤ੍ਰ ਨਾਟਕ ਵਿੱਚੋਂ)
2. ਬਾਂਹਿ ਜਿਨ੍ਹਾਂ ਦੀ ਪਕੜੀਐ
ਬਾਂਹਿ ਜਿਨ੍ਹਾਂ ਦੀ ਪਕੜੀਐ
ਸਿਰ ਦੀਜੈ ਬਾਂਹਿ ਨ ਛੋੜੀਐ।
ਤੇਗ ਬਹਾਦਰ ਬੋਲਿਆ
ਧਰ ਪਈਏ ਧਰਮ ਨ ਛੋੜੀਐ।
3. ਹੁਣ ਕਿਸ ਥੀਂ ਆਪ ਛੁਪਾਈਦਾ
ਕਿਧਰੇ ਚੋਰ ਹੋ ਕਿਧਰੇ ਕਾਜ਼ੀ ਹੋ, ਕਿਤੇ ਮੰਬਰ ਤੇ ਬਹਿ ਵਾਅਜ਼ੀ ਹੋ,
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਆਪਣਾ ਕਟਕ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
(ਬਾਬਾ ਬੁਲ੍ਹੇ ਸ਼ਾਹ)
11/21/2025
ਗੁਰੂ ਤੇਗ ਬਹਾਦਰ ਜੀ : ਸੇਵਾ ਅਤੇ ਪਰਉਪਕਾਰ ਦਾ ਸੰਦੇਸ਼
- ਤੇਗ ਬਹਾਦਰ ਸਿਮਰਿਐ ਘਰ ਨਉ ਨਿਿਧ ਆਵੈ ਧਾਇ।
- ਗੁਰੂ ਤੇਗ ਬਹਾਦਰ ਸਵਾਂਗ ਰਚਾਯੰ। ਜਿਹ ਆਪਨ ਸੀਸ ਦੇ ਜਗ ਠਹਰਾਯੰ।
ਇਹ ਦੋਵੇਂ ਪੰਕਤੀਆਂ ਗੁਰੂ ਤੇਗ ਬਹਾਦਰ ਜੀ ਦੇ ਪਰਉਪਕਾਰੀ ਸੁਭਾਅ ਦਾ ਵਰਨਨ ਕਰਦੀਆਂ ਹਨ। ਪਹਿਲੀ ਪੰਕਤੀ ਅਰਦਾਸ ਦਾ ਹਿੱਸਾ ਹੈ ਜਿਹੜੀ ਕਿ ‘ਵਾਰ ਦੁਰਗਾ ਕੀ’ ਦੇ ਪਹਿਲੇ ਕਾਵਿ-ਬੰਦ ਵਿਚ ਦਰਜ ਹੈ। ਇਸ ਪੰਕਤੀ ਵਿਚ ‘ਨਉ ਨਿਧੀਆਂ’ ਦਾ ਜ਼ਿਕਰ ਹੈ ਜਿਨ੍ਹਾਂ ਦਾ ਵਰਨਨ ਪੌਰਾਣਿਕ ਗ੍ਰੰਥਾਂ ਵਿਚ ਦੇਖਣ ਨੂੰ ਮਿਲਦਾ ਹੈ। ਇਹਨਾਂ ਦੀ ਪ੍ਰਾਪਤੀ ਲਈ ਕਰੜੇ ਜਪ-ਤਪ ਕਰਨੇ ਪੈਂਦੇ ਹਨ। ਅਰਦਾਸ ਦੀ ਪੰਕਤੀ ਵਿਚ ਸਪਸ਼ਟ ਤੌਰ ’ਤੇ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਕਰਨ ਨਾਲ ਇਹ ਖ਼ਜ਼ਾਨੇ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ।
ਦੂਜੀ ਪੰਕਤੀ ਭਾਈ ਗੁਰਦਾਸ ਦੂਜੇ ਦੀ ਰਚਨਾ ਵਿਚੋਂ ਹੈ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨੇੜਲੇ ਸਮੇਂ ਵਿਚ ਹੋਏ ਮੰਨੇ ਜਾਂਦੇ ਹਨ। ਇਹਨਾਂ ਨੇ ਆਪਣੀ ਰਚਨਾ ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ਦਸਵੀਂ ਕੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਤਿਸੰਗਤ ਨੂੰ ਖਾਲਸੇ ਦਾ ਰੂਪ ਵਿਚ ਤਬਦੀਲ ਕਰਨ ਦਾ ਭਾਵਪੂਰਤ ਵਰਨਨ ਕੀਤਾ ਹੈ। ਇਸ ਵਾਰ ਵਿਚ ਇਹ ਦੱਸਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੌਤਕ ਕੀਤਾ ਅਤੇ ਆਪਣਾ ਸੀਸ ਦੇ ਕੇ ਜਗਤ ਨੂੰ ਬਚਾ ਲਿਆ। ਦਮਸੇਸ਼ ਪਿਤਾ ਜੀ ਦਾ ਦਰਬਾਰੀ ਕਵੀ ਸੈਨਾਪਤਿ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਕੇਵਲ ਇਕ ਧਰਮ ਹੀ ਨਹੀਂ ਬਚਿਆ ਬਲਕਿ ਸੰਸਾਰ ਦੇ ਸਮੂਹ ਧਰਮਾਂ ਦੀ ਹੋਂਦ ਬਚ ਗਈ, ਜਿਸ ਕਰਕੇ ਤਿੰਨਾਂ ਲੋਕਾਂ ਵਿਚ ਉਹਨਾਂ ਦੀ ਮਹਿਮਾ ਫੈਲ ਗਈ ਸੀ :
ਪ੍ਰਗਟ ਭਏ ਗੁਰ ਤੇਗ ਬਹਾਦਰ।
ਸਗਲ ਸ੍ਰਿਸਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਿਨ ਪਤਿ ਰਾਖੀ।
ਅਟਲ ਕਰੀ ਕਲਜੁਗ ਮੈਂ ਸਾਖੀ॥
ਸਗਲ ਸ੍ਰਿਸਟਿ ਜਾ ਕਾ ਜਸ ਭਯੋ।
ਜਿਹ ਤੇ ਸਰਬ ਧਰਮ ਬਚਯੋ।
ਉਕਤ ਪੰਕਤੀਆਂ ਗੁਰੂ ਜੀ ਦੀ ਸ਼ਹਾਦਤ ਨਾਲ ਸਮੂਹ ਗੈਰ-ਮੁਸਲਿਮ ਲੋਕਾਂ ਦੇ ਵਿਸ਼ਵਾਸ ਅਤੇ ਧਰਮ ਬਚਣ ਵੱਲ ਸੰਕੇਤ ਕਰਦੀਆਂ ਹਨ। ਗੁਰੂ ਜੀ ਦੀ ਬਾਣੀ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਸਿਮਰਨ ਅਤੇ ਪਰਉਪਕਾਰ ਦੀ ਭਾਵਨਾ ਨਾਲ ਜੋੜਨ ਦਾ ਕਾਰਜ ਕਰਦੀ ਹੈ ਜਿਸ ਨੂੰ ਧਾਰਨ ਕਰਕੇ ਮਨੁੱਖ ਵਡੇਰੇ ਆਦਰਸ਼ਾਂ ਦੀ ਸਥਾਪਤੀ ਕਰਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਜਦੋਂ ਗੁਰੂ ਜੀ ਕਹਿੰਦੇ ਹਨ ਕਿ ‘ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ॥’ ਤਾਂ ਇਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਗੁਰੂ ਜੀ ਮਨੁੱਖ ਦਾ ਜਨਮ ਆਮ ਲੋਕਾਂ ਦੇ ਪਰਉਪਕਾਰ ਲਈ ਮੰਨਦੇ ਹਨ ਅਤੇ ਜਦੋਂ ਮਨੁੱਖ ਇਹ ਕਾਰਜ ਨਹੀਂ ਕਰਦਾ ਤਾਂ ਉਸ ਦਾ ਮਨ ਉਸ ਨੂੰ ਪਰਉਪਕਾਰ ਕਰਨ ਲਈ ਰੁਚਿਤ ਕਰਨ ਹਿਤ ਅਜਿਹਾ ਸੰਦੇਸ਼ ਦਿੰਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਹੀ ਆਮ ਲੋਕਾਂ ਦੀ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਜਦੋਂ ਗੁਰੂ ਜੀ ਪੂਰਬ ਵਿਖੇ ਪ੍ਰਚਾਰ ਕਰਨ ਲਈ ਜਾਂਦੇ ਹਨ ਤਾਂ ਉਹ ਲੋਕਾਈ ਨੂੰ ਧਰਮ ਦੇ ਮਾਰਗ ’ਤੇ ਦ੍ਰਿੜ ਕਰਨ ਦੇ ਨਾਲ-ਨਾਲ ਉਹਨਾਂ ਦੇ ਜੀਵਨ ਦੀਆਂ ਲੋੜਾਂ ਅਤੇ ਕਾਮਨਾਵਾਂ ਨੂੰ ਪੂਰੀਆਂ ਕਰਨ ਵਿਚ ਵੀ ਸਹਾਇਤਾ ਕਰਦੇ ਹਨ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਦਾ ਕਰਤਾ ਕਹਿੰਦਾ ਹੈ :
ਸ੍ਰੀ ਸਤਿਗੁਰੂ ਜੀ ਸਹਾਇ॥ ਗੁਰੂ ਤੇਗ ਬਹਾਦਰ ਸੰਸਾਰ ਸਾਗਰ ਕੇ ਤਾਰਬੇ ਕੋ ਰਮਤ ਕੀਆ। ਜੋ ਜੋ ਸਿਖ ਸਾਧੂ ਪ੍ਰੇਮੀ ਅਰਾਧਤੇ ਥੇ ਤਿਨ੍ਹਾਂ ਕੀ ਭਾਵਨੀ ਪੂਰੀ ਕਰਨੇ ਕੋ ਬਹਾਨਾ ਤੀਰਥਾਂ ਕਾ ਚਰਨ ਪਧਾਰੇ।
ਮੌਜੂਦਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਦੇ ਵਿਿਭੰਨ ਇਲਾਕਿਆਂ ਵਿਖੇ ਗੁਰਮਤਿ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਵਿਖੇ ਆਉਣ ਉਪਰੰਤ ਮਾਲਵਾ ਅਤੇ ਬਾਂਗਰ ਦੇ ਇਲਾਕੇ ਦੀ ਪ੍ਰਚਾਰ ਯਾਤਰਾ ਕਰਦੇ ਹੋਏ ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਵੱਲੋਂ ਜਾਰੀ ਕੀਤੀ ਧਰਮ ਪਰਿਵਰਤਨ ਦੀ ਲਹਿਰ ਨੂੰ ਰੋਕਣ ਲਈ ਆਮ ਲੋਕਾਂ ਦੇ ਮਨ ਵਿਚ ਧਰਮ ਪ੍ਰਤੀ ਦ੍ਰਿੜਤਾ ਅਤੇ ਨਿਸ਼ਠਾ ਪ੍ਰਦਾਨ ਕਰਨ ਦਾ ਕਾਰਜ ਕਰਦੇ ਹਨ। ਮਾਲਵੇ ਦੇ ਇਲਾਕੇ ਦੀ ਪ੍ਰਚਾਰ ਯਾਤਰਾ ਦੌਰਾਨ ਬਹੁਤ ਸਾਰੇ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਸੰਗਤ ਵਿਚ ਆਉਣ ਵਾਲੇ ਸਿੱਖਾਂ ਨੇ ਬਹੁਤ ਸਾਰੀ ਮਾਇਆ ਗੁਰੂ ਸਾਹਿਬ ਨੂੰ ਭੇਟ ਕਰਨੀ ਅਰੰਭ ਕਰ ਦਿੱਤੀ ਸੀ। ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਲੰਮਾ ਸਮਾਂ ਪੂਰਬ ਦੇ ਇਲਾਕੇ ਵਿਖੇ ਪ੍ਰਚਾਰ ਕਰਦੇ ਰਹੇ ਸਨ ਅਤੇ ਉਹ ਗੁਰੂ ਜੀ ਨੂੰ ਭੇਟ ਕੀਤੀ ਜਾਣ ਵਾਲੀ ਦਸਵੰਧ ਦੀ ਮਾਇਆ ਸੰਭਾਲ ਕੇ ਰੱਖ ਲੈਂਦੇ ਸਨ। ਜਦੋਂ ਗੁਰੂ ਜੀ ਮਾਲਵੇ ਦੇ ਇਲਾਕੇ ਵਿਚ ਆਏ ਤਾਂ ਸੰਗਤ ਨੇ ਉਹ ਮਾਇਆ ਗੁਰੂ ਜੀ ਨੂੰ ਭੇਟ ਕਰਨੀ ਅਰੰਭ ਕਰ ਦਿੱਤੀ ਸੀ। ਗੁਰੂ ਜੀ ਜਿਸ ਵੀ ਪਿੰਡ ਵਿਚ ਜਾਂਦੇ ਸਨ, ਉਹਨਾਂ ਨੂੰ ਕੀਮਤੀ ਵਸਤਾਂ ਅਤੇ ਮਾਇਆ ਭੇਟ ਕੀਤੀ ਜਾਂਦੀ ਸੀ।
ਗੁਰੂ ਜੀ ਦੇ ਮਨ ਵਿਚ ਤਿਆਗ ਦੀ ਭਾਵਨਾ ਬਹੁਤ ਦ੍ਰਿੜ ਸੀ। ਉਹ ਭੇਟ ਹੋਣ ਵਾਲੀ ਮਾਇਆ ਨੂੰ ਪਰਉਪਕਾਰ ਲਈ ਖਰਚ ਕਰ ਦਿੰਦੇ ਸਨ ਅਤੇ ਵਸਤਾਂ ਲੋੜਵੰਦਾਂ ਨੂੰ ਵੰਡ ਦਿੰਦੇ ਸਨ। ਗੁਰੂ ਜੀ ਦੇ ਪਰਉਪਕਾਰੀ ਸੁਭਾਅ ਨੇ ਆਮ ਲੋਕਾਂ ਦੇ ਮਨ ’ਤੇ ਬਹੁਤ ਅਸਰ ਪਾਇਆ ਸੀ। ਪਿੰਡਾਂ ਦੇ ਚੌਧਰੀ ਅਤੇ ਇਲਾਕੇ ਵਿਚ ਧਾਰਮਿਕ ਬਿਰਤੀ ਵਾਲੇ ਮੁਸਲਮਾਨ ਉਹਨਾਂ ਨਾਲ ਬਹੁਤ ਸਨੇਹ ਰੱਖਣ ਲੱਗ ਪਏ ਸਨ। ਸ਼ਰਧਾ ਵੱਸ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਅਤੇ ਸਤਿਕਾਰ ਸਹਿਤ ਉਹਨਾਂ ਨੂੰ ਆਪਣੇ ਅਸਥਾਨ ’ਤੇ ਲੈ ਜਾਂਦੇ ਅਤੇ ਯਥਾਸ਼ਕਤ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰਦੇ ਸਨ। ਮੁਸਲਮਾਨਾਂ ਦੀ ਬਹੁ-ਗਿਣਤੀ ਵਾਲੇ ਬਹੁਤ ਸਾਰੇ ਪਿੰਡਾਂ ਵਿਖੇ ਗੁਰੂ ਜੀ ਦੇ ਚਰਨ ਛੋਹ ਅਸਥਾਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪਿੰਡਾਂ ਵਿਚ ਰਹਿਣ ਵਾਲੇ ਧਾਰਮਿਕ ਬਿਰਤੀ ਵਾਲੇ ਮੁਸਲਮਾਨ ਗੁਰੂ ਜੀ ਪ੍ਰਤੀ ਸ਼ਰਧਾ ਰੱਖਦੇ ਸਨ।
ਗੁਰੂ ਜੀ ਆਮ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਨੇੜਿਓਂ ਦੇਖਦੇ ਸਨ, ਜਿਹੜੇ ਦੁੱਖ ਵਿਚ ਹੁੰਦੇ ਉਹਨਾਂ ਦੇ ਦੁੱਖ ਦੂਰ ਕਰਨ ਦਾ ਯਤਨ ਕਰਦੇ। ਗੁਰੂ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਬਹੁਤ ਸਾਰੇ ਇਲਾਕਿਆਂ ਦੇ ਲੋਕ ਇਸ ਕਰਕੇ ਦੁਖੀ ਨਜ਼ਰ ਆਉਂਦੇ ਹਨ ਕਿ ਉਹਨਾਂ ਕੋਲ ਪੀਣ ਵਾਲਾ ਪਾਣੀ ਨਹੀਂ ਹੈ, ਜਿੱਥੇ ਪਾਣੀ ਹੈ ਉਹ ਵਰਤੋਂਯੋਗ ਨਹੀਂ ਹੈ। ਪਿੰਡਾਂ ਦੇ ਲੋਕ ਗੁਰੂ ਜੀ ਦੀ ਸੇਵਾ ਕਰਦੇ ਅਤੇ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਕਰਨ ਦੀ ਬੇਨਤੀ ਕਰਦੇ। ਜਦੋਂ ਗੁਰੂ ਜੀ ਕੋਲ ਅਜਿਹੀ ਫਰਿਆਦ ਆਉਂਦੀ ਤਾਂ ਉਹ ਦੇਖਦੇ ਸਨ ਕਿ ਇਸ ਸਮੱਸਿਆ ਦਾ ਕੀ ਹੱਲ ਕੀਤਾ ਜਾ ਸਕਦਾ ਹੈ। ਹਰ ਇਕ ਇਲਾਕੇ ਵਿਚ ਪਾਣੀ ਦੀ ਵੱਖੋ-ਵੱਖਰੀ ਸਮੱਸਿਆ ਸੀ।
ਜਿੱਥੇ ਲੋਕ ਛੱਪੜਾਂ ਨੂੰ ਸਾਫ਼ ਰੱਖਣ ਦਾ ਯਤਨ ਨਹੀਂ ਕਰਦੇ, ਉੱਥੇ ਪਾਣੀ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਫੈਲ ਜਾਂਦੀਆਂ ਸਨ। ਪਾਣੀ ਨਾਲ ਬੀਮਾਰੀ ਫੈਲਣ ਦੇ ਡਰ ਤੋਂ ਲੋਕ ਇਸ਼ਨਾਨ ਕਰਨ ਤੋਂ ਪਰਹੇਜ਼ ਕਰਦੇ, ਜਿਸ ਕਰਕੇ ਚਮੜੀ ਦੇ ਰੋਗ ਪੈਦਾ ਹੋ ਜਾਂਦੇ ਸਨ। ਜਿਹੜੇ ਇਲਾਕਿਆਂ ਵਿਚ ਛੱਪੜਾਂ ਦਾ ਪਾਣੀ ਗੰਧਲਾ ਹੋਣ ਦੀ ਸਮੱਸਿਆ ਨਜ਼ਰ ਆਈ, ਉੱਥੇ ਪਹਿਲਾਂ ਗੁਰੂ ਜੀ ਨੇ ਆਪ ਛੱਪੜ ਵਿਚ ਵੜ ਕੇ ਉਸ ਦੀ ਸਫਾਈ ਦਾ ਕਾਰਜ ਅਰੰਭ ਕੀਤਾ ਅਤੇ ਫਿਰ ਲੋਕਾਂ ਨੂੰ ਸਮਝਾਇਆ ਕਿ ਇਸ ਵਿਚ ਪਸ਼ੂ ਨਹੀਂ ਵਾੜਨੇ ਅਤੇ ਚਮੜਾ ਨਹੀਂ ਰੰਗਣਾ। ਇਸ ਨੂੰ ਸ਼ੁੱਧ ਰੱਖ ਕੇ ਇਸ ਦੇ ਪਾਣੀ ਨਾਲ ਰੋਜ਼ਾਨਾ ਇਸ਼ਨਾਨ ਕਰਨ ਨਾਲ ਸਰੀਰ ਦੇ ਰੋਗ ਦੂਰ ਹੋ ਜਾਣਗੇ। ਜਿਸ ਛੱਪੜ ਦੇ ਕਿਨਾਰੇ ਗੁਰੂ ਜੀ ਨੇ ਡੇਰਾ ਕੀਤਾ ਜਾਂ ਉੱਥੇ ਕੋਈ ਬਚਨ ਉਚਾਰਿਆ, ਉਹ ਛੱਪੜ ਪੂਜਾ ਅਸਥਾਨ ਬਣ ਗਏ ਅਤੇ ਮੌਜੂਦਾ ਸਮੇਂ ਵਿਚ ਉਹ ਛੱਪੜ ਸਰੋਵਰਾਂ ਦਾ ਰੂਪ ਧਾਰਨ ਕਰ ਗਏ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਨਗਰਾਂ ਵਿਚ ਹਾਲੇ ਵੀ ਪੁਰਾਣੇ ਛੱਪੜ ਦਿਖਾਈ ਦਿੰਦੇ ਹਨ।
ਛੱਪੜਾਂ ਤੋਂ ਇਲਾਵਾ ਪਿੰਡਾਂ ਵਿਚ ਖੂਹ ਵੀ ਮੌਜੂਦ ਸਨ ਜਿਨ੍ਹਾਂ ਦਾ ਪਾਣੀ ਖਾਰਾ ਸੀ ਅਤੇ ਜਿਸ ਨੂੰ ਪੀਣ ਨਾਲ ਪੇਟ ਦੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਸਨ। ਮਨੱੁਖਾਂ ਅਤੇ ਪਸ਼ੂਆਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਬਹੁਤ ਕਿੱਲਤ ਸੀ। ਗੁਰੂ ਜੀ ਦੁਆਰਾ ਦੋ ਤਰ੍ਹਾਂ ਦੇ ਖੂਹ ਤਿਆਰ ਕਰਵਾਉਣ ਦਾ ਜ਼ਿਕਰ ਉਹਨਾਂ ਦੇ ਚਰਨ ਛੋਹ ਅਸਥਾਨਾਂ ’ਤੇ ਦੇਖਣ ਨੂੰ ਮਿਲਦਾ ਹੈ। ਇਕ ਤਾਂ ਗੁਰੂ ਜੀ ਨੇ ਖਾਰੇ ਖੂਹ ਮਿੱਠੇ ਕੀਤੇ ਸਨ ਅਤੇ ਦੂਜਾ ਜਿੱਥੇ ਲੋੜ ਸਮਝੀ, ਸੰਗਤ ਦੁਆਰਾ ਭੇਟ ਕੀਤੀ ਮਾਇਆ ਕਿਸੇ ਮੁਖੀ ਸੱਜਣ ਨੂੰ ਦੇ ਕੇ ਖੂਹ ਲਵਾਉਣ ਦਾ ਆਦੇਸ਼ ਕਰ ਦਿੱਤਾ ਸੀ। ਗੁਰੂ ਜੀ ਦੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਉਹਨਾਂ ਵੱਲੋਂ ਲਵਾਏ ਜਾਂ ਮਿੱਠੇ ਕੀਤੇ ਗਏ ਖੂਹ ਭਾਰਤ ਦੇ ਵਿਿਭੰਨ ਭਾਗਾਂ ਵਿਚ ਦੇਖੇ ਜਾ ਸਕਦੇ ਹਨ।
ਨਸ਼ਿਆਂ ਤੋਂ ਦੂਰ ਰਹਿਣ ਲਈ ਆਮ ਲੋਕਾਂ ਨੂੰ ਸੁਚੇਤ ਕਰਨਾ ਗੁਰੂ ਜੀ ਦਾ ਇਕ ਅਜਿਹਾ ਪਰਉਪਕਾਰੀ ਕਾਰਜ ਸੀ ਜਿਸ ਨੇ ਘਰਾਂ ਨੂੰ ਤਬਾਹ ਹੋਣ, ਲੋਕਾਂ ਨੂੰ ਈਰਖਾ-ਦਵੈਖ ਤੋਂ ਬਚਾਉਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਗੁਰੂ ਜੀ ਦੇ ਸਮੇਂ ਤੰਮਾਕੂ ਇਕ ਅਜਿਹਾ ਨਸ਼ਾ ਸੀ ਜਿਹੜਾ ਕਿ ਮੁਗ਼ਲ ਕਾਲ ਦੇ ਸਮੇਂ ਪੁਰਤਗਾਲ ਤੋਂ ਭਾਰਤ ਵਿਚ ਆਇਆ ਮੰਨਿਆ ਜਾਂਦਾ ਹੈ ਅਤੇ ਇਹ ਬਹੁਤ ਤੇਜੀ ਨਾਲ ਆਮ ਲੋਕਾਂ ਵਿਚ ਫੈਲ ਗਿਆ ਸੀ। ਅਕਬਰ ਦੇ ਸਮੇਂ ਇਹ ਬਹੁਤ ਤੇਜੀ ਨਾਲ ਫੇਲਿਆ ਸੀ ਅਤੇ ਜਹਾਂਗੀਰ ਨੇ ਇਸ ਦੇ ਦੁਰਪ੍ਰਭਾਵ ਨੂੰ ਦੇਖਦੇ ਹੋਏ ਸਖਤ ਫੁਰਮਾਨ ਜਾਰੀ ਕੀਤੇ ਸਨ। ਲਾਹੌਰ ਵਿਚ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੀ ਉਲੰਘਣਾ ਕਰਕੇ ਤੰਮਾਕੂ ਪੀਣ ਵਾਲਿਆਂ ਦੇ ਬੁੱਲ੍ਹ ਵੀ ਵੱਢ ਦਿੱਤੇ ਗਏ ਸਨ ਪਰ ਪੱਥਰ ਵਿਚ ਲੋਹੇ ਦੀ ਮੇਖ ਨਾ ਗੱਡ ਸਕਣ ਵਾਂਗ ਇਸ ਦਾ ਪ੍ਰਭਾਵ ਖਤਮ ਨਹੀਂ ਕੀਤਾ ਜਾ ਸਕਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਇਸ ਦਿਸ਼ਾ ਵਿਚ ਵਿਸ਼ੇਸ਼ ਯਤਨ ਕੀਤੇ ਸਨ। ਮਾਲਵੇ ਅਤੇ ਬਾਂਗਰ ਦੇ ਇਲਾਕੇ ਵਿਚ ਅਜਿਹੇ ਕਈ ਗੁਰਧਾਮ ਦੇਖਣ ਨੂੰ ਮਿਲ ਜਾਂਦੇ ਹਨ ਜਿੱਥੇ ਗੁਰੂ ਜੀ ਨੇ ਆਮ ਲੋਕਾਂ ਨੂੰ ਤੰਮਾਕੂ ਦੇ ਸੇਵਨ ਤੋਂ ਦੂਰ ਰਹਿਣ ਦੀ ਪ੍ਰੇਰਨਾ ਪੈਦਾ ਕੀਤੀ ਸੀ। ਗੁਰੂ ਜੀ ਦੀ ਇਸ ਸਿੱਖਿਆ ਦਾ ਪ੍ਰਭਾਵ ਹਾਲੇ ਤੱਕ ਸਿੱਖ ਸਮਾਜ ਵਿਚ ਨਜ਼ਰ ਆਉਂਦਾ ਹੈ। ਉਹ ਜਿੱਥੇ ਵੀ ਗਏ ਹਨ ਤੰਮਾਕੂ ਤੋਂ ਦੂਰੀ ਬਣਾਈ ਰੱਖੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਅਤੇ ਸਿੱਖਿਆਵਾਂ ਮਨੁੱਖੀ ਕਦਰਾਂ-ਕੀਮਤਾਂ ਦੀ ਪਛਾਣ ਅਤੇ ਪਰਉਪਕਾਰ ਦੀ ਭਾਵਨਾ ਪੈਦਾ ਕਰਨ ਦਾ ਸੰਦੇਸ਼ ਪ੍ਰਦਾਨ ਕਰਦੀਆਂ ਹਨ। ਗੁਰੂ ਜੀ ਦਾ ਜੀਵਨ ਅਤੇ ਸੰਦੇਸ਼ ਸਮਾਜ ਵਿਚ ਮੌਜੂਦ ਬਹੁ-ਕੌਮੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਰਕ ਭਾਵਨਾ ਨੂੰ ਸਮਝਣ ਅਤੇ ਸਭਨਾਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਭਾਵਨਾ ਪੈਦਾ ਕਰਦਾ ਹੈ। ਗੁਰੂ ਜੀ ਦੁਆਰਾ ਸਮੁੱਚੀ ਲੋਕਾਈ ਨੂੰ ਨਾਲ ਲੈ ਕੇ ਚੱਲਣ ਦੀ ਸਿੱਖਿਆ ਅਤੇ ਸੰਦੇਸ਼ ਦਾ ਪ੍ਰਗਟਾਵਾ ਕਰਦੇ ਹੋਏ ਰਤਨ ਸਿੰਘ ਭੰਗੂ ਕਹਿੰਦਾ ਹੈ:
ਚਲੀ ਕਹਾਵਤ ਸਭ ਜਗੈ ਯਹ ਸਾਚੋ ਅਵਤਾਰ।
ਸਰਨੀ ਆਵੈ ਜੋ ਉਸੈ ਸੋਊ ਉਤਰੈ ਪਾਰ।
ਗੁਰੂ ਤੇਗ ਬਹਾਦਰ ਜੀ ਨੂੰ ਦਿਨ ਵਿਚ ਦੋ ਵੇਲੇ ਕੀਤੀ ਜਾਣ ਵਾਲੀ ਅਰਦਾਸ ਵਿਚ ਯਾਦ ਕਰਨ ਨਾਲ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਅਤੇ ਪਰਉਪਕਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਪੈਦਾ ਹੁੰਦੀ ਹੈ ਜਿਹੜੀ ਕਿ ਸੁਚੱਜੀ ਜੀਵਨਜਾਚ ਅਤੇ ਆਦਰਸ਼ ਸਮਾਜ ਦੀ ਸਿਰਜਣਾ ਵਿਚ ਸਹਾਈ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
11/03/2025
ਸੱਯਦ ਹਬੀਬ ਸਾਹਿਬ ਨੂੰ 500 ਰੁਪਏ ਇਨਾਮ
1925 ਵਿਚ ਸੱਯਦ ਹਬੀਬ ਸਾਹਿਬ ਨੇ ਜਪੁਜੀ ਸਾਹਿਬ ਦਾ ਉਰਦੂ ਕਵਿਤਾ ਵਿਚ ਅਨੁਵਾਦ ਕੀਤਾ ਸੀ।
ਮਹਾਰਾਜਾ ਪਟਿਆਲਾ ਨੇ ਇਸ ਨੂੰ 500 ਰੁਪਏ ਇਨਾਮ ਦਿੱਤਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀਆਂ 500 ਕਾਪੀਆਂ ਖਰੀਦੀਆਂ ਸਨ।
ਇਸ ਦੀਆਂ 300 ਕਾਪੀਆਂ ਧੌਲਪੁਰ ਦੇ ਸਰਦਾਰ ਧਰਮ ਸਿੰਘ ਨੇ ਖਰੀਦ ਕੇ ਵੰਡੀਆਂ ਸਨ।
ਕਿਸੇ ਸਮੇਂ ਸਿੱਖੀ ਪ੍ਰਚਾਰ ਲਈ ਅਜਿਹੇ ਯਤਨ ਕੀਤੇ ਜਾਂਦੇ ਸਨ,
ਵਿਸ਼ਾਲ ਹਿਰਦੇ ਨਾਲ ਦੂਜਿਆਂ ਨੂੰ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਸਨ।
ਇਸੇ ਕਰਕੇ ਉਸ ਸਮੇਂ ਦੌਰਾਨ ਉਰਦੂ ਭਾਸ਼ਾ ਵਿਚ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦ ਵੀ ਮਿਲ ਜਾਂਦੇ ਹਨ।
ਅਲਾਹਾਬਾਦ ਵਿਖੇ ਉਰਦੂ ਭਾਸ਼ਾ ਵਿਚ ਛਪੇ ਅਨੁਵਾਦ ਦੀ ਫੋਟੋ ਸਾਂਝੀ ਕੀਤੀ ਜਾ ਰਹੀ ਹੈ।
Click here to claim your Sponsored Listing.
Category
Contact the business
Website
Address
Calgary, AB